Quality over price

Sandook

More Views

Sandook
₹250.00

Availability: In stock

Poems in Punjabi by Amarjit Chandan
Description

Details

ਅਮਰਜੀਤ ਚੰਦਨ ਨੂੰ ਸੰਸਾਰਕ ਰਹੱਸਵਾਦ ਦੀ ਅਨੋਖੀ ਸੋਝੀ ਹੈ। ਇਹ ਕਿਸੇ ਹੋਰ ਪੰਜਾਬੀ ਕਵੀ ਨੂੰ ਨਹੀਂ। ਮਾਮੂਲੀ ਲਗਦੀਆਂ ਸ਼ੈਆਂ, ਬਾਤਾਂ ਤੇ ਭਾਵਨਾਵਾਂ ਦੀ ਰੂਹ ਵਿਚ ਉਤਰ ਕੇ ਜਿਵੇਂ ਇਹ ਗ਼ੈਰਮਾਮੂਲੀ ਰੂਹਾਨੀ ਰਹਾ ਨਾਲ਼ ਮਾਮੂਲ ਨਾਲ਼ ਖੇਡਾਂ ਕਰਦਾ ਹੈ, ਮੈਂ ਉਹਦੇ ਵਾਰੇ ਜਾਂਦਾ ਹਾਂ। ਚੰਦਨ ਅਥਾਹ ਸਾਦਗੀ ਦਾ ਕਵੀ ਹੈ।
ਮਦਨ ਗੋਪਾਲ ਸਿੰਘ

ਪੰਜਾਬੀ ਕਲਾਸਕੀ ਕਵਿਤਾ ਦੀ ਵਿਰਾਸਤ ਤੇ ਗਾਇਣੁ ਨੇ ਅਮਰਜੀਤ ਚੰਦਨ ਦੀ ਕਵਿਤਾ ਨੂੰ ਅਮੀਰੀ ਬਖ਼ਸ਼ੀ ਹੈ। ਇਹਦੀ ਚੇਤਨਾ ਵਿਸ਼ਵਵਿਆਪੀ ਹੈ। ਇਹ ਉਹ ਰੂਹ ਹੈ, ਜੋ ਇੱਕੋ ਵੇਲੇ ਬੇਘਰ ਵੀ ਹੈ ਤੇ ਜਿਹਦੀਆਂ ਜੜ੍ਹਾਂ ਵੀ ਬੜੀਆਂ ਡੂੰਘੀਆਂ ਹਨ। ਸਿਮਰਤੀਆਂ ਦਾ ਨਿਭਾਅ ਕੋਮਲ ਸੁਰ ਵਾਲ਼ਾ ਹੈ, ਇਸ ਵਿਚ ਕੋਈ ਅੱਤਭਾਵੁਕਤਾ ਨਹੀਂ। ਇਸ ਜ਼ਰਖ਼ੇਜ਼ ਮਿੱਟੀ ਵਿੱਚੋਂ ਚੰਦਨ ਦੀ ਸ਼ਾਇਰੀ ਉਗਮੀ ਹੈ। ਭਾਖਾ, ਹੇਰਵੇ, ਇਕਲਾਪੇ ਤੇ ਬੋਲਦੀ ਚੁੱਪ ਦਾ ਚੋਜ ਇਹਦੀ ਸਾਰੀ ਰਚਨਾ ਵਿਚ ਹੈ।
ਨਵਤੇਜ ਸਰਨਾ


ਕਿਤਾਬ ਵਿੱਚੋਂ ਕੁਝ ਕਵਿਤਾਵਾਂਮਾਂ ਦਾ ਸੰਦੂਕ

ਮਾਂ ਦਾ ਸੰਦੂਕ ਭਰਿਆ ਹੋਇਆ ਹੈ
ਉਹਦੇ ਹੱਥੀਂ ਕੱਤੀਆਂ ਬੁਣੀਆਂ ਬਣਾਈਆਂ
          ਦਰੀਆਂ            ਚਤੱਹੀਆਂ         ਰਜ਼ਾਈਆਂ ਨਾਲ਼
ਤੇ ਤਹਿ ਲਾ ਕੇ ਰੱਖੇ ਲੀੜੇ ਪਏ ਹਨ
ਤਹਿਆਂ ਵਿਚ ਟਾਹਲੀ ਤੇ ਮੇਖਾਂ ਦੇ ਜੰਗਾਲ ਦੀ
                   ਮਹਿਕ ਲੰਮੀ ਪਈ ਹੈ

ਮਾਂ ਜਦ ਸੰਦੂਕ ਤੋਂ ਓਹਲੇ ਹੁੰਦੀ ਹੈ
ਤਾਂ ਵਿਚ ਪਈਆਂ ਸ਼ੈਆਂ ਗੱਲਾਂ ਕਰਨ ਲੱਗਦੀਆਂ ਹਨ
ਮਾਂ ਦੀਆਂ ਮਾਂ ਦੇ ਨਿਆਣਿਆਂ ਦੀਆਂ
ਸਾਡੀ ਪਿੱਠ ਸੁਣਦੀ ਹੈ

ਮਾਂ ਦਾ ਉਹ ਸੂਟ ਚੁੱਪ ਰਹਿੰਦਾ ਹੈ
ਜਿਹੜਾ ਉਹਨੇ ਅਪਣੇ ਆਖ਼ਿਰੀ ਸਫ਼ਰ ਲਈ ਸਾਂਭ ਰੱਖਿਆ ਹੈ
ਇਹਨੂੰ ਦੇਖ ਮੇਰੀ ਫ਼ਰਾਕ ਦਾ ਦਿਲ ਥੋਹੜਾ ਹੁੰਦਾ ਹੈ
ਮਾਂ ਕਹਿੰਦੀ ਹੈ
                   ਜੇ ਮੈਂ ਨਾ ਹੋਈ ਪੁੱਤ
                   ਇਹ ਅਪਣੇ ਮੁੰਡੇ ਦੇ ਪਾਉਣਾ ਨਾ ਭੁੱਲੀਂ

ਵਿਚ ਗੱਠੜੀ ਪਈ ਹੈ
ਜਿਹਨੂੰ ਮਾਂ ਕਿਸੇ ਨੂੰ ਹੱਥ ਨਹੀਂ ਲਾਉਣ ਨਹੀਂ ਦਿੰਦੀ

ਮਾਂ ਦਾ ਸੰਦੂਕ ਕਿੱਥੇ ਹੈ
ਹੁਣੇ ਈ ਇਥੇ ਪਿਆ ਸੀ


ਲੰਗਰ ਦੇ ਭਾਂਡੇ

ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ॥ ਮਹਲਾ ੧॥
(ਅਰਥਾਤ ਜਿਨ੍ਹਾਂ ਦਾ ਭਾਂਡਾ ਪਿਆਰ ਨਾਲ਼ ਭਰਿਆ ਹੋਇਆ ਹੈ) 


ਦੇਗਾਂ ਚੜ੍ਹੀਆਂ 
ਰਿਜ਼ਕ ਮਹਿਕਦਾ

ਸੰਗਤੀ ਪੰਗਤੀ ਲੰਗਰ ਭਾਂਡੇ
ਧੰਨ ਭਾਗ ਭਰੇ
ਢੁਕ ਢੁਕ ਬਹਿਸਣ
ਸੁਣਦੇ ਕਰਦੇ ਸਤਿਜਨ ਮਹਿਮਾ
ਸੱਖਣੇ ਵੀ ਭਰੇ-ਭਰਾਤੇ
ਤਾਸੀ ਬਾਟਾ ਕਾਸਾ
ਕੌਲੀ ਥਾਲ਼ ਕਟੋਰਾ
ਛੰਨਾ ਚਾਂਦੀ-ਵੰਨਾ

ਦੁੱਖ ਸੁੱਖ ਤ੍ਰਿਖ ਭੁੱਖ ਵੰਡਦੇ
ਘਟਦੀ ਵਧਦੀ ਦੂਣ ਸਵਾਈ ਹੋਂਦੀ
ਰਿਜ਼ਕ ਦੀ ਮਹਿਮਾ ਗਾਉਂਦੇ
ਕਾਦਰ ਕਿਸ ਬਿਧ ਘੜਿਆ

ਸੰਗਤ ਲੰਗਰ ਛਕਣਾ
ਜੂਠਾ ਸੁੱਚਮ ਹੋਣਾ
ਭਰਿਆ ਕਾਸਾ ਰਿਜ਼ਕ ਸਬੂਰਾ
ਹਰ ਭਾਂਡੇ ਭਉ ਭਰਿਆ
ਅਪਣਾ ਕਰਮ ਕਮਾਣਾ

ਲੇਖੇ ਲੱਗਣਾ
ਪਾਣੀ ਕ਼ਤਰਾ
ਦਾਣਾ ਦਾਣਾ
ਨੂਣ ਸਲੂਣਾ

ਹਰ ਭਾਂਡੇ ਦਾ ਨਾਮ ਨਾ ਇੱਕੋ
ਹਰ ਭਾਂਡੇ 'ਤੇ ਇੱਕੋ ਨਾਮ ਖੁਣਾਇਆ

ਉੱਜਲ ਕੈਹਾਂ ਪੀਤਮ ਪਿੱਤਲ਼
ਮਿੱਟੀ ਰਾਖ ਮੰਜਾਇਆ ਕਰਦਾ ਲਿਸ਼ ਲਿਸ਼


ਚੁੱਲ੍ਹਾ

ਘਰ ਦਾ ਚੁੱਲ੍ਹਾ
ਸਭ ਦੇ ਦੁੱਖ ਸੁਣਦਾ ਸੀ

ਉਹ ਨਿਤ ਦਾ ਵੇਲਾ
ਹੁਣ ਨਿਜ ਹੋਇਆ ਹੈ

ਚੁੱਲ੍ਹਾ
ਜਿਉਂ ਸੂਰਜ ਸੀ ਕੋਈ
ਜਿਸ ਦੇ ਦੁਆਲ਼ੇ ਘਰ ਘੁੰਮਦਾ ਸੀ
ਉਹ ਸੂਰਜ ਜਗਦਾ ਸੀ ਮਾਂ-ਬ੍ਰਹਮਾ ਹੱਥੀਂ

ਰਿਜ਼ਕ ਦੀ ਲੀਲਾ
ਮੁੜ ਮੁੜ ਲਗਦੀ ਭੁੱਖ ਲੱਥਦੀ ਸੀ
ਸੱਭੋ ਰਲ਼ ਬੈਠੇ ਵਿਚ ਚੌਂਕੇ
ਸਫ਼ ਦੇ ਉੱਤੇ ਪੀੜ੍ਹੀ ਡਾਹ ਕੇ
ਮੂਹੜੇ ਪਟੜੇ ਉੱਤੇ

ਅੱਗ ਅਗਨ ਅੰਗਿਆਰਾ ਅਗਨੀ
ਬੀਬੀ ਦੇ ਸਾਹਵਾਂ ਨਾ' ਜਗਦੀ 
ਸੇਕ ਦੇਂਵਦੀ ਪਰ ਲੂੰਹਦੀ ਸੀ ਨਾ

ਚਾਅ ਨਾ' ਆਟਾ ਵਿਛ ਵਿਛ ਜਾਂਦਾ
ਨੱਚਦਾ ਥਮ ਥਮ ਤਾਲ ਸੁਤਾਲਾ ਪੇੜਾ
ਤਵੇ ਦੇ ਉੱਤੇ ਤਾਰੇ ਜਗਦੇ
ਨਾਲ਼ ਛਣਕਦੀਆਂ ਮਾਂ ਦੀਆਂ ਵੰਙਾਂ

ਆਟਾ ਬੁੜ੍ਹਕੇ ਰੋਟੀ ਫੁੱਲਦੀ
ਹਰ ਕੋਈ ਵੀਰ ਗੁਰੂ ਦਾ
ਹਮਸ਼ੀਰਾ ਦਾ ਨਾਂ ਧਿਆਉਂਦਾ ਸੀ

ਰੋਟੀ ਉੱਤੇ ਛਾਪਾ ਮਾਂ ਦੇ ਹੱਥ ਦੀਆਂ ਲੀਕਾਂ

ਰੱਤ ਸੰਧੂਰੀ ਅਗਨੀ ਚਮਕ ਅੱਖਾਂ ਵਿਚ ਲਿਸ਼ਕੇ
ਦਗ ਦਗ ਮੁੱਖੜੇ
ਅੱਗ ਪਵਿਤਰ ਜਿਉਂ ਹਵਨ ਦੀ ਅਗਨੀ
ਰੱਜ ਰੱਜ ਜਾਂਦੀ ਮਹਿਕ ਹਵਾ ਵਿਚ ਲਟਕੇ ਨਾਲ਼ ਧੂੰਏਂ ਦੇ
ਟਾਹਲੀ ਲੱਕੜ ਮੁੜ੍ਹਕਾ
ਮਿੱਟੀ ਤਪਦੇ ਲੋਹੇ ਦੀ ਗੰਧ

ਮਾਂ ਤੋਂ ਲੈਂਦੀ ਦੁੱਖ-ਸੁੱਖ ਸਿਖਿਆ
ਹੈਰਤ ਭਰੀਆਂ ਕੱਜਲ਼ ਅੱਖੀਆਂ
ਕੰਨਿਆ ਛਿਟੀਆਂ ਡਾਹੁੰਦੀ ਵੇਂਹਦੀ ਫੁੱਲ ਕਪਾਹ ਦਾ ਜਗਦਾ ਬਲ਼ਦਾ

ਚੁੱਲ੍ਹਾ ਸਭਨਾਂ ਦੇ ਦੁੱਖ ਲੈ ਕੇ ਬਲ਼ ਜਾਂਦਾ ਸੀ ਅਪਣੀ ਅੱਗ ਵਿਚ

ਚੇਤੇ ਦੇ ਵਿਚ ਓਥੇ ਹੀ ਹੈ ਘਰ ਦਾ ਚੁੱਲ੍ਹਾ
ਪਰ ਹੁਣ ਜਗਦਾ ਨਹੀਂ ਹੈ

Reviews

Product Tags

Use spaces to separate tags. Use single quotes (') for phrases.