Description
iqbal ramoowalia
₹195.00
“ਵੀਹਵੀਂ ਸਦੀ ਦੇ ਪਿਛਲੇ ਅੱਧ ਦੌਰਾਨ, ਪੰਜਾਬੀ ਲੋਕ-ਗਾਇਕੀ ਕਵੀਸ਼ਰੀ ਨੂੰ ਬੁਲੰਦੀਆਂ ਉੱਤੇ ਲਿਜਾਣ ਵਿੱਚ ਬਾਪੂ ਕਰਨੈਲ ਸਿੰਘ ਪਾਰਸ ਦੀ ਅਹਿਮ ਭੂਮਿਕਾ ਤਾਂ ਪੰਜਾਬੀ ਸੰਸਾਰ ਵਿੱਚ ਵਿਆਪਕ ਪੱਧਰ ਉੱਤੇ ਉਜਾਗਰ ਹੈ ਹੀ, ਪ੍ਰੰਤੂ ਇਸ ਭੂਮਿਕਾ ਤੋਂ ਇਲਾਵਾ, ਉਹ ਮਸਤ-ਮੌਲਾ ਬੰਦਾ ਬੜਾ ਕੁਝ ਹੋਰ ਵੀ ਸੀ ਜਿਸ ਕਾਰਨ ਉਹ ਆਪਣੇ ਸਮਕਾਲੀਆਂ, ਵਾਕਫ਼ਾਂ, ਸਨੇਹੀਆਂ, ਮਾਰਕਸੀ-ਵਿਚਾਰਧਾਰਕਾਂ, ਤਰਕਸ਼ੀਲਾਂ, ਵਿਦਵਾਨਾਂ, ਯਾਰਾਂ-ਬੇਲੀਆਂ ਤੇ ਪਰਸੰਸਕਾਂ ਲਈ ਸਤਿਕਾਰ ਦਾ ਪਾਤਰ ਬਣਿਆਂ। ਪੜ੍ਹਨ-ਲਿਖਣ ਅਤੇ ਸੂਖ਼ਮ ਕਲਾਵਾਂ ਪੱਖੋਂ ਦੂਰ-ਦੁਰਾਡੇ ਪਿੰਡ ਦੇ ਬੰਜਰ ਮਹੌਲ ਵਿੱਚ ਜਨਮੇ ਬੱਚੇ ਵੱਲੋਂ ਆਰਥਕ ਮੰਦਹਾਲੀ ਨਾਲ਼ ਜੂਝਦਿਆਂ, ਕਵੀਸ਼ਰੀ ਦੇ ਅਸਮਾਨ ਵਿਚ ‘ਕਰਨੈਲ ਸਿੰਘ ਪਾਰਸ’ ਬਣ ਕੇ ਛਾਅ ਜਾਣਾ ਉਸਦੀ ਵੱਡੀ ਪ੍ਰਾਪਤੀ ਸੀ। . . . ਬਾਪੂ ਨੂੰ ਨੇੜਿਓਂ ਤੱਕਣ-ਸਮਝਣ ਵਾਲ਼ੇ ਉਸਦੇ ਸਨੇਹੀਆਂ ਅਤੇ ਜਸਵੰਤ ਸਿੰਘ ਕੰਵਲ, ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਨਵਤੇਜ ਭਾਰਤੀ, ਬਲਦੇਵ ਸਿੰਘ, ਸੁਰਿੰਦਰ ਧੰਜਲ, ਭਗਵਾਨ ਸਿੰਘ ਜੋਸ਼, ਅਤੇ ਨਿੰਦਰ ਘੁਗਿਆਣਵੀ ਵਰਗੇ ਨਾਮਵਰ ਲਿਖਾਰੀਆਂ ਨੇ ਇਸ ਪੁਸਤਕ ਲਈ ਬਾਪੂ ਦੀ ਜ਼ਿੰਦਗੀ, ਉਸਦੇ ਸੁਭਾਅ, ਆਦਤਾਂ ਅਤੇ ਕਵੀਸ਼ਰੀ ਰਚਣ-ਗਾਉਣ ਦੀ ਪ੍ਰਕਿਰਿਆ ਬਾਰੇ ਹਥਲੀ ਕਿਤਾਬ ਵਿੱਚ ਨਿੱਠ ਕੇ ਲਿਖਿਆ ਹੈ।”
“ਕਰਨੈਲ ਰਾਮੂਵਾਲੀਆ ਕੱਖਾਂ ਦੀ ਕੁੱਲੀ ’ਚੋਂ ਦਗਦੇ ਲਾਲ ਵਾਂਗ ਲਿਸ਼ਕਿਆ; ਲਿਸ਼ਕਿਆ ਵੀ ਏਨਾ ਕਿ ਉਹਦਾ ਚਾਨਣ ਦੂਰ-ਦੂਰ ਤਕ ਫੈਲ ਗਿਆ, ਸੂਬਿਆਂ ਦੀਆਂ ਹੱਦਾਂ ਤੋਂ ਪਾਰ, ਦੇਸਾਂ ਦੀਆਂ ਹੱਦਾਂ ਤੋਂ ਪਾਰ, ਤੇ ਸਮੁੰਦਰਾਂ ਤੋਂ ਪਾਰ: ਘੁੱਪ ਅੰਨ੍ਹੇਰੇ ਵਿਚ ਰੌਸ਼ਨ ਮਿਸ਼ਾਲ।”
“ਕਰਨੈਲ ਕਵੀਸ਼ਰ ਨੂੰ ਮਲਵੱਈ ਮੁਹਾਵਰੇ ਉੱਤੇ ਪਕੜ ਤਾਂ ਪੱਕੀ ਸੀ ਹੀ, ਪਰ ਉਹਨੂੰ ਸਿੱਖੀ ਦੀ ਰੂਹ ਦੀ ਵੀ ਬੜੀ ਡੂੰਘੀ ਸਮਝ ਸੀ। ਉਸ ਸਮਝ ਦੀ ਇਕ ਤੰਦ ਮੈਂ ਵੀ ਉਹਤੋਂ ਲੈ ਕੇ ਅਪਣੇ ਦਿਲ ਵਿਚ ਗੁੰਦ ਲਈ।”
“ਕਰਨੈਲ ਸਿੰਘ ‘ਪਾਰਸ’ ਸੂਝ ਦੀ ਛੋਹ ਨਾਲ਼ ਸਾਧਾਰਣ ਜਿਹੇ ਸ਼ਬਦ ਹੁਸੀਨ ਤਰਤੀਬ ਵਿਚ ਜੁੜ ਕੇ ਅਜਿਹੇ ਲਿਸ਼ਕੇ ਕਿ ਉਹਨਾਂ ਦੀ ਰੌਸ਼ਨੀ ਵਿਚ ਸਾਧਾਰਣ ਪੇਂਡੂ ਪੰਜਾਬੀ ਆਪਣੇ ਲੋਕ ਵਿਰਸੇ, ਸਮਾਜ, ਸਭਿਆਚਾਰ ਤੇ ਇਤਿਹਾਸ ਦੇ ਨਾਲ਼-ਨਾਲ਼ ਆਪਣੀ ਰੂਹ ਨੂੰ ਵੇਖਣ, ਸਮਝਣ ਤੇ ਮਾਨਣ ਦੇ ਯੋਗ ਮਹਿਸੂਸ ਕਰਨ ਲੱਗਾ।”
“ਉਹ ਜਿਨ੍ਹਾਂ ਲਈ ਕਵੀਸ਼ਰੀ ਕਰਦਾ ਸੀ, ਉਹ ਉਹਦੇ ਸਾਹਮਣੇ ਬੈਠੇ ਹੁੰਦੇ ਸਨ। ਉਹਦੇ ਆਪਣੇ ਹੁੰਦੇ ਸਨ। ਉਨ੍ਹਾਂ ਦੇ ਦੁੱਖ-ਸੁੱਖ ਵਿਚ ਭਿੱਜ ਕੇ ਕਵੀਸ਼ਰੀ ਜੋੜਦਾ ਤੇ ਕਰਦਾ ਸੀ। ਪਾਰਸ ਗਾਉਣ ਤੋਂ ਪਹਿਲਾਂ ਕਵੀਸ਼ਰੀ ਲਿਖਦਾ, ਸੋਧਦਾ ਤੇ ਯਾਦ ਕਰਦਾ ਸੀ। ਓਦੋਂ ਵੀ ਸਰੋਤਾ ਉਹਦੇ ਸਾਹਮਣੇ ਰਹਿੰਦਾ ਸੀ।”
“ਪਾਰਸ ਨੂੰ ਕੋਈ ਲੋਕ-ਮਨਾਂ ਦਾ ਕਵੀਸ਼ਰ ਕਹਿੰਦਾ ਰਿਹਾ, ਕੋਈ ਕਵੀਸ਼ਰੀ ਗਗਨ ਦਾ ਚੰਦ ਤੇ ਕੋਈ ਕਵੀਸ਼ਰਾਂ ਦਾ ਕਵੀਸ਼ਰ। ਕੋਈ ਕੱਚੇ ਦੁੱਧ ਦਾ ਕਟੋਰਾ, ਕੋਈ ਮੋਹ ਦਾ ਦਰਿਆ ਤੇ ਕੋਈ ਦਿਲਾਂ ਦਾ ਬੇਤਾਜ ਬਾਦਸ਼ਾਹ।”
iqbal ramoowalia